2300 ਕਰੋੜ ਰੁਪਏ ਨਾਲ ਬਣੇਗੀ ਨਵੀਂ ਮਾਲਵਾ ਨਹਿਰ, ਧਰਤੀ ਹੇਠਲੇ ਕੀਮਤੀ ਪਾਣੀ ਨੂੰ ਬਚਾਇਆ ਜਾ ਸਕੇਗਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਸੂਬੇ 'ਚ ਕਿਸੇ ਨਹਿਰ ਦੀ ਉਸਾਰੀ ਸ਼ੁਰੂ ਕੀਤੀ ਹੈ। ਮਾਲਵਾ ਨਹਿਰ 'ਤੇ 2300 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਤਹਿਤ ਸ਼ੁਰੂ ਕੀਤੀ ਗਈ ਮਾਲਵਾ ਨਹਿਰ ਦੀ ਉਸਾਰੀ ਤੋਂ ਬਾਅਦ ਸੂਬੇ ਦੇ 5 ਜ਼ਿਲ੍ਹਿਆਂ - ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ ਅਤੇ ਹੋਰ ਨਾਲ ਲਗਦੇ ਇਲਾਕਿਆਂ 'ਚ ਖੇਤੀ ਲਈ ਪਾਣੀ ਦੀ ਘਾਟ ਨੂੰ ਪੂਰੀ ਕਰੇਗੀ। ਇਸ ਨਹਿਰ ਨਾਲ ਸੂਬੇ ਦੇ 62 ਪਿੰਡਾਂ ਵਿੱਚ ਦੋ ਲੱਖ ਏਕੜ ਤੋਂ ਵੱਧ ਰਕਬੇ ਵਿਚਲੇ ਖੇਤਾਂ ਨੂੰ ਪਾਣੀ ਪੁੱਜੇਗਾ। ਪਿੰਡਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲਣ ਕਰਕੇ ਧਰਤੀ ਹੇਠਲੇ ਕੀਮਤੀ ਪਾਣੀ ਨੂੰ ਬਚਾਇਆ ਜਾਵੇਗਾ। ਯਕੀਨਨ ਇਹ ਮਾਲਵਾ ਨਹਿਰ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਲਈ ਸਦੀਆਂ ਤੱਕ ਵਰਦਾਨ ਸਾਬਿਤ ਹੋਵੇਗੀ।
ਲਗਭਗ ਪੌਣੇ 200 ਕਿਲੋਮੀਟਰ ਲੰਬੀ ਇਹ ਨਹਿਰ ਦੇਸ਼ ਦੀ ਵੰਡ ਤੋਂ ਬਾਅਦ ਸਾਡੇ ਲਈ ਤੋਹਫਾ ਹੋਵੇਗੀ। ਨਹਿਰ 50 ਫੁਟ ਚੌੜੀ ਤੇ ਸਾਢੇ 12 ਫੁਟ ਡੂੰਘੀ ਹੋਵਗੀ, ਜਿਸ ਰਾਹੀਂ 18000 ਕਿਊਸਿਕ ਪਾਣੀ ਆਵੇਗਾ। ਨਹਿਰ ਵਿਚ 500 ਮੋਘੇ ਹੋਣਗੇ ਤੇ ਇਹ ਨਹਿਰ ਤਿਆਰ ਹੋਣ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਨਸਲਾਂ ਨੂੰ ਰਾਹਤ ਮਿਲੇਗੀ। ਸਰਹੰਦ ਫੀਡਰ ਨਹਿਰ ਤੇ ਰਾਜਸਥਾਨ ਨਹਿਰ ਦੇ ਨਾਲ ਚੜ੍ਹਦੇ ਪਾਸੇ ਇਹ ਤੀਜੀ ਮਾਲਵਾ ਨਹਿਰ ਹੋਵੇਗੀ।
ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਨਹਿਰ ਵਾਸਤੇ ਜ਼ਮੀਨ ਦਾ ਮੁਆਇਨਾ ਕਰ ਨਹਿਰੀ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਕਿ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਸਰਹਿੰਦ ਫੀਡਰ ਨਹਿਰ ਦੇ ਚੜ੍ਹਦੇ ਪਾਸੇ ਪੈਂਦਾ ਕੁੱਝ ਰਕਬੇ ਨੂੰ ਲਿਫ਼ਟ ਪੰਪਾਂ ਜ਼ਰੀਏ ਸਿੰਜਿਆ ਜਾਂਦਾ ਹੈ । ਮਾਲਵਾ ਨਹਿਰ ਬਣਨ ਨਾਲ ਸਰਹਿੰਦ ਫੀਡਰ ਨਹਿਰ ਤੋਂ ਬੋਝ ਘਟੇਗਾ। ਮਾਲਵਾ ਨਹਿਰ ਦੀ ਉਸਾਰੀ ਨੂੰ ਲੈ ਕੇ ਦਿਹਾਤੀ ਹਲਕੇ ਦੇ ਕਿਸਾਨਾਂ 'ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਤੇ ਕਿਸਾਨ ਇਸ ਪ੍ਰੋਜੈਕਟ ਦੇ ਜਲਦੀ ਮੁਕੰਮਲ ਹੋਣ ਦੀ ਉਮੀਦ ਪ੍ਰਗਟ ਕਰ ਰਹੇ।
ਇਹੀ ਨਹੀਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਰੂਪਨਗਰ, ਪਟਿਆਲਾ ਅਤੇ ਮੁਹਾਲੀ ਵਿੱਚ ਪਾਣੀ ਦੀ ਕਮੀ ਵੀ ਆਉਣ ਵਾਲੇ ਸਮੇਂ ਵਿੱਚ ਦੂਰ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਮਾਲਵਾ ਨਹਿਰ ਦੇ ਨਾਲ-ਨਾਲ ਦਸਮੇਸ਼ ਨਹਿਰ ਬਣਾਉਣ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਹੈ। ਜਲ ਸਰੋਤ ਵਿਭਾਗ ਨੇ ਰੂਪਨਗਰ, ਪਟਿਆਲਾ ਅਤੇ ਮੁਹਾਲੀ ਦੇ 58 ਪਿੰਡਾਂ ਦਾ ਜ਼ਮੀਨੀ ਰਿਕਾਰਡ ਮੰਗਿਆ ਹੈ। ਰਿਕਾਰਡ ਲੈਣ ਲਈ ਨਹਿਰੀ ਪਟਵਾਰੀਆਂ ਦੀ ਡਿਊਟੀ ਲਗਾਈ ਗਈ ਹੈ।
0 Comments