ਜੀਰਾ (ਫਿਰੋਜ਼ਪੁਰ) : ਜ਼ੀਰਾ 'ਚ ਪੰਜ ਸਾਲ ਪੁਰਾਣਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਪੰਚਾਇਤੀ ਚੋਣਾਂ ਲਈ ਕਾਗਜ਼ ਭਰਨ ਨੂੰ ਲੈ ਕੇ ਆਪ ਤੇ ਕਾਂਗਰਸੀ ਆਗੂ ਤੇ ਵਰਕਰ ਭਿੜ ਗਏ। ਸਮਰਥਕਾਂ ਵਿਚਕਾਰ ਗੋਲੀਆਂ ਤੇ ਇੱਟਾਂ-ਰੋੜੇ ਤਕ ਚੱਲ ਗਏ। ਇਸ ਦੌਰਾਨ ਜੀਰਾ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਜ਼ਖ਼ਮੀ ਹੋ ਗਏ।
ਭੀੜ ਹਟਾਉਣ ਲਈ ਪੁਲਿਸ ਨੂੰ ਵੀ ਹਵਾਈ ਫਾਇਰ ਕਰਨੇ ਪਏ।
ਵਿਧਾਨ ਸਭਾ ਹਲਕਾ ਜ਼ੀਰਾ ਵਿਖੇ ਪੰਚਾਇਤੀ ਚੋਣਾਂ 'ਚ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਕਾਂਗਰਸੀ ਵਰਕਰ ਆਪਸ 'ਚ ਭਿੜ ਗਏ। ਇਸ ਦੌਰਾਨ ਦੋਵਾਂ ਧਿਰਾਂ ਵੱਲੋਂ ਚਲਾਏ ਗਏ ਇੱਟਾਂ-ਰੋੜੇ ਤੇ ਗੋਲੀਬਾਰੀ 'ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਜ਼ਖ਼ਮੀ ਹੋ ਗਏ। ਇਸ ਮੌਕੇ ਪੁਲਿਸ ਵੱਲੋਂ ਬੜੀ ਮੁਸ਼ੱਕਤ ਨਾਲ ਮਾਹੌਲ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤਕ ਮਾਹੌਲ ਤਣਾਅਪੂਰਨ ਹੀ ਬਣਿਆ ਹੋਇਆ ਹੈ।
ਇਸ ਮੌਕੇ ਕੁਲਬੀਰ ਜ਼ੀਰਾ ਨੇ ਦੋਸ਼ ਲਗਾਏ ਕਿ ਸੱਤਾ ਦੇ ਨਸ਼ੇ 'ਚ ਚੂਰ ਹਲਕਾ ਵਿਧਾਇਕ ਤੇ ਉਸਦੇ ਕ਼ਰਿੰਦਿਆਂ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਕਾਂਗਰਸੀ ਉਮੀਦਵਾਰਾਂ ਨੂੰ ਸਰਪੰਚੀ ਤੇ ਪੰਚੀ ਦੇ ਐਨਓਸੀ ਤੇ ਦੂਜੇ ਕਾਗਜ਼ ਮੁਹਈਆ ਨਹੀਂ ਕਰਵਾਏ ਜਾ ਰਹੇ ਹਨ।
0 Comments